Sardar navdeep singh

Call Directions

Sardar navdeep singh Dairy product in dyalpur &. Ahmedpur

15/02/2026

ਚਮਕੌਰੇ ਦੀ ਗੱਦਾਰੀ,,,ਇਤਿਹਾਸਕ ਹਵਾਲਿਆਂ ਦੀ ਰੌਸ਼ਣੀ ਵਿੱਚ l

ਪੋਹ ਮਹੀਨੇ ਦੇ ਇਹਨਾ ਦਿਨਾ ਚ ਜਿੱਥੇ ਸਿੱਖ ਸੰਗਤਾਂ ਗੁਰੂ ਪਰਿਵਾਰ, ਸ਼ਹੀਦਾਂ, ਮੁਰੀਦਾਂ ਨੂੰ ਅਕੀਦਤ ਭੇਟ ਕਰਦੀਆਂ ਹਨ ਓਥੇ ਪਹਾੜੀ ਰਾਜਿਆਂ, ਮੁਗਲਾਂ ਸਮੇਤ ਗੁਰੂ ਘਰ ਨਾਲ ਧ੍ਰੋਹ ਕਮਾਉਣ ਵਾਲੇ ਪਾਪੀ ਗੰਗੂ, ਸੁੱਚਾ ਨੰਦ, ਵਜ਼ੀਰ ਖਾਨ ਨੂੰ ਲਾਹਨਤ ਪਾਉਂਦੀਆਂ ਨਹੀ ਥੱਕਦੀਆਂ l
ਗੁਰੂ ਪਿਆਰੀ ਸਾਧ ਸੰਗਤ ਜੀ,ਇਤਿਹਾਸ ਵਿੱਚ ਇੱਕ ਹੋਰ ਅਜਿਹਾ ਪਾਤਰ ਹੈ ਜਿਸ ਸਬੰਧੀ ਸਾਡੇ ਪ੍ਰਚਾਰਕਾਂ ਅਤੇ ਸਿੱਖ ਲਿਖਾਰੀਆਂ ਸੰਗਤਾਂ ਨੂੰ ਬਹੁਤ ਘੱਟ ਦੱਸਿਆ ਹੈ, ਇਹ ਨਾਮ ਹੈ ਚਮਕੌਰਾ ਜਿੰਮੀਦਾਰ ਜਿਸਨੂੰ ਰਹਿੰਦੀ ਦੁਨੀਆ ਤੱਕ ਲਾਹਨਤਾਂ ਪੈਂਦੀਆਂ ਰਹਿਣਗੀਆ l
ਚਮਕੌਰੇ ਦੀ ਇਹ ਹਕੀਕਤ ਅਸੀਂ ਇਤਿਹਾਸ ਦੇ ਵੱਖ ਵੱਖ ਹਵਾਲਿਆਂ ਵਿੱਚੋਂ ਆਪ ਜੀ ਦੇ ਸਾਹਮਣੇ ਰੱਖਣ ਜਾ ਰਹੇ ਹਾਂ l

1- ਸ੍ਰੀ ਗੁਰੂ ਸੋਭਾ - ਕਵੀ ਸੈਨਾਪਤਿ l
ਬਾਗ ਦੇਖਿ ਬੈਠੇ ਤਹਾਂ, ਨਿਕਟਿ ਗਾਂਵ ਚਮਕੌਰ ॥੪॥੪੭੨॥
ਖਬਰਿ ਸੁਨੀ ਜਿਮੀਦਾਰ ਨੇ, ਮੱਧ ਬਸੈ ਚਮਕੌਰ ।
ਸੁਨਤ ਬਚਨ ਤਤਕਾਲ ਹੀ, ਵਹ ਆਯੋ ਉਠਿ ਦੌਰ ॥੫॥੪੭੩ ॥
ਹਾਥ ਜੋਰਿ ਐਸੇ ਕਹਿਯੋ, ਬਿਨਤੀ ਸੁਨੋ ਕਰਤਾਰ ।
ਬਸੋ ਮੱਧਿ ਚਮਕੌਰ ਕੈ ਅਪਨੀ ਕ੍ਰਿਪਾ ਧਾਰਿ ॥੬॥੪੭੪॥
ਨੋਟ - ਜਦੋਂ ਗੁਰੂ ਜੀ ਦੋ ਵੱਡੇ ਪੁੱਤਰਾਂ, ਪੰਜ ਪਿਆਰਿਆਂ ਸਮੇਤ ਚਮਕੌਰ ਜਾ ਬਿਰਾਜੇ ਤਾਂ ਚਮਕੌਰੇ ਨੇ ਇਸ ਗੱਲ ਦੀ ਇਤਲਾਹ ਸਰਕਾਰ ਨੂੰ ਦੇ ਦਿੱਤੀ,ਚਮਕੌਰੇ ਦੀ ਗੱਦਰੀ, ਗੰਗੂ, ਸੁੱਚਾ ਨੰਦ, ਵਜੀਰ ਖਾਨ ਤੋਂ ਘੱਟ ਨਹੀ l
ਤਬੈ ਸੁਆਰ ਸਾਹਿਬ ਭਏ, ਛਾਡ ਬਾਗ ਕੀ ਠਉਰ
ਸਿੰਘ ਸਾਥ ਸਬਹੀ ਲਿਯੋ,ਆਇ ਬਸੇ ਚਮਕਉਰ ॥੭॥੪੭੫॥
ਤਬ ਦੂਤਨ ਕੀਨੇ ਲਿਖੇ,ਤੁਮ ਚਲਿ ਆਯੋ ਦਉਰ ।
ਸਿੰਘ ਰਹੇ ਹੈਂ ਆਨਿ ਕੈ, ਨਿਕਟਿ ਗਾਂਵ ਚਮਕਉਰ ॥੮॥੪੭੬॥

2- ਸਿੱਖ ਇਤਿਹਾਸ ਦੇ ਸੋਮੇ ਭਾਗ- 5 - ਸੋਹਣ ਸਿੰਘ ਸੀਤਲ l
ਚਮਕੌਰ ਵਿੱਚ ਤਿਆਰੀ ਦੇ ਸਿਰਲੇਖ ਹੇਠਾਂ ਲਿਖਦੇ ਹਨ l
ਦੁਸ਼ਮਣ ਇਸ ਉਲਝਣ ਵਿੱਚ ਸਨ ਕਿ ਸਰਸਾ ਦੀ ਜੰਗ ਵਿੱਚ ਗੁਰੂ ਜੀ ਸ਼ਹੀਦ ਹੋ ਗਏ ਹੋਣ ਜਾਂ ਕਿਧਰੇ ਜਿਉਂਦੇ ਨਿਕਲ ਗਏ ਹੋਣ,ਚਮਕੌਰ ਦੇ ਉਸ ਜੱਟ ਨੇ ਸਰਕਾਰੀ ਫੌਜ ਨੂੰ ਖਬਰ ਯਾਦ ਦਿੱਤੀ ਕਿ ਗੁਰੂ ਇਸ ਸਮੇਂ ਚਮਕੌਰ ਵਿੱਚ ਹੈ, ਉਹਨੇ ਸਾਡੇ ਘਰ ਉੱਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਹੈ,ਇਹ ਖਬਰ ਮਿਲਦੇ ਸਾਰ ਸਰਕਾਰੀ ਫੌਜ ਚਮਕੌਰ ਵੱਲ ਤੁਰ ਪਈ l

3- ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ - ਕਵੀ ਸੰਤੋਖ ਸਿੰਘ ਚੂੜਾਮਣੀ l
'ਨਿਕਸਿ ਆਨੰਦ ਪੁਰਿ ਤੇ ਬਹੁ ਜੂਝੇ, ਰਹੀ ਚਮੂੰ ਪਿਛਵਾਈ ॥੮॥
ਨਾਮ ਗ੍ਰਾਮ ਚਮਕੌਰ ਤੁੰਗ ਥਲ, ਆਇ ਸੁ ਕਾਇਮ ਕੀਨਾ।'
ਦਈ ਸਕਲ ਸੁਧਿ ਗਯੋ ਜਾਟ ਇਕ,'ਹਮ ਕੋ ਗੁਰ ਗਹਿ ਲੀਨਾ ॥੯॥
ਦੈ ਸਜਾਇ ਘਰ ਛੀਨ ਸੁ ਲੀਨਾ,ਆਪ ਬਰਯੋ ਬਿਚ ਆਈ।
ਚਾਲੀ ਕੈ ਪਚਾਸ ਸੰਗ ਭਟ ਹੈਂ,ਅਪਰ ਮਰੇ ਸਮੁਦਾਈ ॥੧੦॥
ਨਰ ਦਾਰਾ ਜੇ ਸਦਨ ਮਝਾਰਾ,ਦਏ ਕਾਢਿ ਬੁਰਿਆਈ।
ਭਯੋ ਪ੍ਰਵੇਸ਼ ਆਪ ਗਢ ਲਖਿ ਕਰਿ,ਹੈ ਨਹਿਂ ਸਕਹਿ ਲਰਾਈ ॥੧੧॥
ਨਹਿਂ ਮੁਰਚਾ, ਨਹਿਂ ਪਰਖਾ ਦੀਰਘ,ਪੌਰ ਠੌਰ ਨਹਿਂ ਗਾਢੀ।
ਗਮਨਤਿ ਮਾਰਗ ਪਿਖਿ ਪ੍ਰਵੇਸ਼ ਭਾ,ਚਲਹੁ ਆਪ ਲਿਹੁ ਕਾਢੀ ॥੧੨॥
ਸੁਨੇ ਤੁਰਕ ਤਬਿ ਹਯਨਿ ਧਵਾਏ,ਗਨ ਧੌਂਸੇ ਧੁੰਕਾਰੇ।
ਉਡੀ ਧੂਰ ਅਸਮਾਨ ਗਯੋ ਭਰਿ,ਬਡੋ ਅੰਧੇਰ ਗੁਬਾਰੇ ॥੧੩॥
ਛਾਦ ਲੀਨ ਸੂਰਜ ਕੋ ਸਾਰੇ,ਹਾਥ ਪਸਰ ਨ ਦੀਖੇ।
ਚਲੀ ਆਇ ਚਮਕੌਰ ਚਮੂੰ ਸਭਿ,ਉਛਲਿ ਸਮੁੰਦ੍ਰ ਸਰੀਖੇ ॥੧੪॥
ਸੂਰਜ ਪ੍ਰਕਾਸ਼ ਵਿੱਚ ਦਰਜ ਇਸ ਪ੍ਰਸੰਗ ਨੂੰ ਪੜ ਕੇ ਚਮਕੌਰੇ ਦੀ ਮੱਕਾਰੀ ਸਬੰਧੀ ਕੋਈ ਭੁਲੇਖਾ ਨਹੀ ਰਹਿ ਜਾਂਦਾ, ਜਿਸ ਦੁਆਰਾ ਸਰਕਾਰ ਨੂੰ ਦਿੱਤੀ ਇਤਲਾਹ ਦਾ ਕਰਕੇ ਗੁਰੂ ਪੁੱਤਰਾਂ ਦੀਆਂ ਸ਼ਹਾਦਤਾਂ ਹੋਈਆਂ,ਜੇਕਰ ਗੁਰੂ ਪਰਿਵਾਰ ਦੇ ਨਾਲ ਚਮਕੌਰੇ ਨੇ ਇਹ ਧ੍ਰੋਹ ਨਾ ਕਮਾਇਆ ਹੁੰਦਾ ਤਾਂ ਸ਼ਾਇਦ ਅੱਜ ਇਤਿਹਾਸ ਕੁੱਝ ਹੋਰ ਹੁੰਦਾ l

4- ਸਿੱਖ ਇਤਿਹਾਸ ਭਾਗ 3 - ਮੈਕਸ ਆਰਥਰ ਮੈਕਾਲਿਫ l
ਕਾਂਡ- 68 - ਗੁਰੂ ਜੀ ਤੇ ਚਮਕੌਰ ਦਾ ਯੁੱਧ ਪੰਨਾ 501 ਅਤੇ 502 ਉਤੇ ਲਿਖਦੇ ਹਨ l
ਗੁਰੂ ਜੀ 35 ਚੋਣਵੇਂ ਸਿੱਖਾਂ ਨਾਲ ਚਮਕੌਰ ਵੱਲ ਚਲੇ ਗਏ, ਬਿਨਾਂ ਕਿਸੇ ਘਬਰਾਹਟ ਦੇ ਗੁਰੂ ਜੀ ਨੇ ਆਪਣਾ ਸਫਰ ਚਮਕੌਰ ਵੱਲ ਜਾਰੀ ਰੱਖਿਆl ਇਸ ਨਗਰ ਦੇ ਨੇੜੇ ਪਹੁੰਚ ਕੇ ਉਹਨਾਂ ਇੱਕ ਬਾਗ ਵਿੱਚ ਸ਼ਰਨ ਲਈ, ਇੱਥੇ ਉਹਨਾਂ ਨੂੰ ਰੋਪੜ ਵਿੱਚ ਛੱਡੇ ਸਿੱਖਾਂ ਚੋਂ ਪੰਜ ਸਿੱਖ ਆ ਮਿਲੇ,ਦੂਸਰੇ ਸਭ ਮਾਰੇ ਜਾ ਚੁੱਕੇ ਸਨ। ਗੁਰੂ ਜੀ ਨੇ ਇੱਕ #ਜੱਟ_ਕਿਸਾਨ (ਓਹੋ ਕਿਸਾਨ ਹੈ ਜਿਸਨੂੰ ਬਾਕੀ ਸ੍ਰੋਤਾਂ ਵਿੱਚ ਚਮਕੌਰਾ ਲਿਖਿਆ ਹੈ ) ਨੂੰ ਬੁਲਾ ਭੇਜਿਆ ਅਤੇ ਉਸ ਤੋਂ ਆਰਾਮ ਕਰਨ ਲਈ ਅਸਥਾਨ ਦੀ ਮੰਗ ਕੀਤੀ l ਜੱਟ ਨੇ ਗੁਰੂ ਜੀ ਨੂੰ ਬਹਾਨੇ ਕਰਕੇ ਟਾਲਣਾ ਚਾਹਿਆ ਪ੍ਰੰਤੂ ਗੁਰੂ ਜੀ ਨੇ ਉਸ ਨੂੰ ਆਪਣੇ ਕਾਬੂ ਕਰ ਲਿਆ ਤੇ ਇਸ ਥਾਂ ਇੱਕ ਗੜੀ ਦਾ ਰੂਪ ਦੇ ਦਿੱਤਾ, ਜਿੱਥੇ ਉਹਨਾਂ ਨੇ ਆਪਣੇ ਸਿੱਖਾਂ ਨਾਲ ਸ਼ਰਨ ਲਈ l ਸਾਂਝੀਆਂ ਫੌਜਾਂ ਨੂੰ ਗੁਰੂ ਜੀ ਦਾ ਕੋਈ ਖੁਰਾ ਖੋਜ ਨਾ ਮਿਲਿਆ ਤੇ ਉਹਦੇ ਲੋਪ ਹੋ ਜਾਣ ਤੇ ਉਹਨਾਂ ਨੂੰ ਬੜੀ ਨਿਰਾਸ਼ਤਾ ਹੋਈ l ਦਿੱਲੀ ਤੋਂ ਆ ਰਹੀ ਫੌਜ ਨੂੰ ਗੁਰੂ ਜੀ ਦੀ ਪਨਾਹਗਾਰ ਦਾ ਪਤਾ ਲੱਗ ਗਿਆ ਅਤੇ ਗੜ੍ਹੀ ਨੂੰ ਆ ਘੇਰਾ ਪਾਇਆ l

5 -ਗੁਰ ਬਿਲਾਸ ਪਾਤਸ਼ਾਹੀ 10 - ਕਵੀ ਕੋਇਰ ਸਿੰਘ l
ਬਾਗ ਦੇਖ ਉਤਰੇ ਤਹਾਂ, ਨਿਕਟ ਗਾਮ ਚਮਕੌਰ ll 6ll 51ll
ਖਬਰ ਸੁਨੀ ਜ਼ਿਮੀਦਾਰ ਸੁ ਜਾਨੋ,ਮਧ ਚਮਕੌਰ ਬਸਤ ਜਹ ਥਾਨੋ ।
ਸੁਨਤ ਬਚਨੁ ਤਤੁ ਖਿਨ ਵਹਿ ਆਯੋ,ਦਯਾ ਸਿੰਘ ਤਬ ਐਸ ਜਤਾਯੋ ll੫੨॥
ਕਰ ਜੋੜੇ ਬਹੁਤ ਬਿਨਤਿ ਉਚਾਰੀ, ਚਲੋ ਮਧਿ ਚਮਕੌਰ ਸੁਧਾਰੀ।
ਤਬ ਸਾਹਿਬ ਅਸਵਾਰ ਸ ਭਏ, ਮਨ ਮੈ ਬਾਤ ਲਖਤ ਵਹੁ ਧਏ ॥੫੩॥
ਬਸੇ ਆਨ ਤਾ ਠੌਰ ਸੁਜਾਨਾ, ਤਿਨ ਮੂਰਖ ਜਿਮੀਦਾਰ ਸੁ ਜਾਨਾ ॥
ਕਰ ਕੇ ਮਤੋਂ ਲਿਖੀ ਤਿਨ ਪਾਤੀ, ਪਠੱਈ ਭੀਮ ਚੰਦ ਪੈ ਤਾਤੀ ॥੫੪॥
ਪੁਨਹ ਸਿਰੰਦ ਪਠਯੋ ਅਸਵਾਰਾ, ਜਹਾਂ ਫੌਜ ਤੁਰਕਨ ਕੀ ਭਾਰਾl
ਵੈ ਚਾਹਤ ਥੇ ਮਗ ਅਗ ਜੈਸੇ, ਤਿਨ ਕੀਨਾ ਥਾ ਛਲ ਬਿਧਿ ਠੈਸੇ ॥੫੫॥
ਜੋ ਅਉਰੰਗ ਪਾਤੀ ਥੀ ਭੇਜੀ,ਪੂਰਬ ਕਹੀ ਤਾਹਿ ਅਸ ਤੇਜੀ ।
ਗੁਰੂ ਜੂ! ਤੁਮ ਹਮ ਮੈ ਸੁ ਕੁਰਾਨਾ,ਤੁਮ ਆਵੋ ਚਮਕੌਰ ਪ੍ਰਮਾਨਾ ॥੫੬॥
ਮੈ ਮਿਲ ਹੋਂ ਤੁਮ ਸੋ ਤਹਿ ਆਈ,ਚੂਕ ਖਿਮਾਵੋਗੋ ਗੁਰ ਸਾਈ।
ਨੋਮ ਗੁਰੂ ਕੀ ਬਾਤ ਜੋ ਹੋਈ, ਸੋ ਅਬ ਖਿਮਾ ਕੀਜੀਐ ਸੋਈ ॥੫੭॥
ਯਾ ਪ੍ਰਕਾਰ ਗੁਰ ਸੋ ਛਲ ਕੀਨਾ, ਚਲਤੀ ਬੇਰ ਗੁਰੂ ਬਚ ਕੀਨਾ ।
ਯਾ ਤੁਰਕਨ ਕੋ ਝੂਠਾ ਕਰਕੈ, ਮਾਰਹਿਗੇ ਇਤ ਉਤ ਧਰ ਤੁਰ ਕੇ ॥੫੮॥
ਉਤ ਅਉਰੰਗ ਲਿਖਾਂ ਚਮਕੌਰਾ, ਜਬ ਗੁਰੂ ਆਵੈ ਬੰਧਨ ਠੌਰਾ ll
ਤਾ ਕਰ ਜਿਮੀਦਾਰ ਏ ਕੀਨਾ, ਲਿਖਿਯੋ ਜਹਾਂ ਕਟਕ ਅਤਿ ਚੀਨਾ l੫੯॥
ਬੜਾ ਸਪਸ਼ਟ ਹੈ ਚਮਕੌਰੇ ਨਾਮ ਦੇ ਇਸ ਗਦਾਰ ਨੇ ਵੱਡੇ ਇਨਾਮ ਦੀ ਪ੍ਰਾਪਤੀ ਅਤੇ ਨਿੱਜੀ ਮੁਫਾਦਾਂ ਦੀ ਖਾਤਰ ਦੇਸ਼, ਕੌਮ,ਧਰਮ ਇਮਾਨ ਅਤੇ ਗੈਰਤ ਤੱਕ ਵੀ ਵੇਚ ਦਿੱਤੀ, ਜਿਵੇਂ ਗੰਗੂ ਨੇ ਨਮਕ ਹਰਾਮੀ ਕਰਦੇ ਹੋਏ ਗੁਰੂ ਜੀ ਦੇ ਛੋਟੇ ਲਾਲਾਂ ਨੂੰ ਫੜਵਾ ਦਿੱਤਾ ਸੀ ਠੀਕ ਉਵੇਂ ਹੀ ਇਸ ਨੇ ਵੀ ਗੁਰੂ ਪਰਿਵਾਰ ਨਾਲ ਧ੍ਰੋਹ ਕਮਾਇਆ l

6 - ਗੁਰ ਬਿਲਾਸ ਪਾਤਸ਼ਾਹੀ 10 - ਭਾਈ ਸੁੱਖਾ ਸਿੰਘ l
ਕਵੀ ਸੁੱਖਾ ਸਿੰਘ ਵੀ ਚਮਕੌਰੇ ਦੀ ਗੱਦਾਰੀ ਦਾ ਬੜਾ ਸਪੱਸ਼ਟ ਜਿਕਰ ਕਰਦੇ ਹਨ l
ਪੁਨੰ ਆਪ ਗਾਈ । ਸੁ ਬੀਰੰ ਸੁਨਾਈ ।
#ਪਰੰ_ਮਧਿ_ਜਾਵੋ_ਜਿਮੀਦਾਰ_ਲਿਆਵੋ ॥੬॥
ਗਏ ਸਿੰਘ ਧਾਈ। ਪੁਰੰਈਸ ਪਾਈ ।
ਕਰੀਯੋ ਜਰੂਰੰ l ਚਲੋ ਜੂ ਹਜੂਰੰ ॥੬੧॥
ਪ੍ਰਭੂ ਚੀਤ ਕੀਨਾ । ਤੁਝੇ ਬੋਲ ਲੀਨਾ।
ਚਲੋ ਤਯਾਗ ਦੇਰੀ । ਕ੍ਰਿਪਾ ਸਿੰਧ ਨੇਰੀ ॥੬੨॥
ਤਿਨੈ ਯੇ ਸੁ ਗਾਈ । ਨਹੀਂ ਭੇਟ ਭਾਈ ।
ਸੁ ਖਾਲੀ ਜ ਹਾਥਾ। ਮਿਲੋ ਮੈ ਨਾ ਨਾਥਾ ॥੬੩॥
ਸੁਨੈ ਸਿੰਘ ਧਾਈ । ਸਭੈ ਆ ਸੁਨਾਈ
ਕ੍ਰਿਪਾ ਸਿੰਘ ਕੀਨਾ, ਰੁਪਯੈ ਸੁ ਦੀਨਾ ॥੬੪॥
ਸੁ ਪਚੀ ਰੁਪੈਯਾ । ਕਰੰ ਆਪ ਦੈਯਾ ।
ਨਹੀਂ ਪੇਚ ਪਾਯੋ । ਚਲਯੋ ਜਾਟ ਆਯੋ ॥੬੫॥
ਧਰੀ ਭੇਟ ਆਗੇ l ਟਿਕਾ ਸੀਸ ਲਾਗੇ ll
ਸਮਾਚਾਰ ਪੂਛੀ । ਕ੍ਰਿਪਾ ਸਿੰਧ ਸੂਫ਼ੀ ॥੬੬॥
ਪੁੰਨੰ ਆਪ ਗਾਯੋ । ਕਿਲਾ ਮੈਂ ਦਿਖਾਯੋ ।
ਵਹੈ ਬੈਲ ਕੁਨੇ । ਕਰੋ ਪੂਰ ਦੀਨੇ ॥੬੭॥
ਕਹੀ ਜਾਟ ਬਾਨੀ । ਪਛੰ ਫੌਜ ਯਾਨੀ ।
ਕਿਲਾ ਤੌਨ ਨਾਥਾ । ਹਵੇਲੀ ਅਕਾਥਾ ॥੬੮॥
ਤ੍ਰਿਯ ਸੰਗ ਪੂਰੀ । ਸੁ ਖਾਲੀ ਨਾ ਭੂਰੀ
ਹੁਤੀ ਜੰਗ ਜੋਗਾ । ਤਬੈ ਕੌਨ ਸੋਗਾ ॥੬੯॥
ਪ੍ਰਭੂ ਚੀਤ ਜਾਨੀ । ਇਸੇ ਕੀ ਕਹਾਨੀ ।
ਚੁਫੇ ਆਪ ਘੋਰਾ, ਕਰਯੋ ਜਾਟ ਧੋਰਾ ॥੭੦॥
ਚਮਕੌਰੇ ਦੀ ਛਲ ਨੂੰ ਕਵੀ ਸੁੱਖਾਂ ਨੇ ਭਾਂਵੇ ਵੱਖਰੇ ਢੰਗ ਨਾਲ ਲਿਖਣ ਦਾ ਯਤਨ ਕੀਤਾ ਪਰ ਕੀ ਉਸਦਾ ਦੋਸ਼ ਫਿਰ ਵੀ ਨਿਆਂ ਯੁਕਤ ਨਹੀ ਮੰਨਿਆ ਜਾ ਸਕਦਾ, ਜਿੰਮੀਂਦਾਰ ਦੇ ਵਿਸ਼ਵਾਸ਼ ਘਾਤ ਨੂੰ ਗੈਰਤ ਮੰਦ ਸਿੱਖ ਕਦੇ ਵੀ ਨਹੀ ਬਖਸ਼ਣਗੇ l

7- ਪ੍ਰਾਚੀਨ ਵਾਰਾਂ ਤੇ ਜੰਗਨਾਮੇ -ਸ਼ਮਸ਼ੇਰ ਸਿੰਘ ਅਸ਼ੋਕ l
ਅਥ ਭੇੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਾ ਪਤਸ਼ਾਹੀ 10 ll
ਸਤਿਗੁਰ ਕਰਹਿ ਸਵਾਰੀਆਂ, ਹੁਣ ਚਮਕੌਰੇ ਦੇ ਰਾਹ ਨੂੰ l
ਹੁਣ ਜਾਉ ਜਾਈ ਮੁਸ ਦੇ,ਜੋ ਲੇਖ ਲਿਖਿਆ ਦਰਗਾਹ ਨੂੰ l
ਆਏ ਮਿਲਿਆ ਚਮਕਉਰੀਆ, ਹੁਣ ਸਤਿਗੁਰ ਬੇਪਰਵਾਹ ਨੂੰ l
ਚਲ ਪਾਤਸ਼ਾਹ ਅਸਾਡੇ ਕੋਟਿ ਵਿਚ,ਕਹੁ ਮਸਲਤ ਕਹੇ ਸਲਾਹ ਨੂੰ l
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ( ਅੰਮ੍ਰਿਤਸਰ ) ਵੱਲੋਂ ਸੰਪਾਦਿਤ ਕਰਵਾਈ ਇਹ ਲਿਖਤ ਸਪੱਸ਼ਟ ਕਰਦੀ ਹੈ ਕਿ ਚਮਕੌਰੀਆ ਜੱਟ ਹੀ ਗੁਰੂ ਸਾਹਿਬ ਜੀ ਨੂੰ ਆਪਣੀ ਇਸ ਕੱਚੀ ਗੜੀ ਵਿੱਚ ਲੈ ਕੇ ਗਿਆ l

ਇਹਨਾਂ ਸਾਰੇ ਇਤਿਹਾਸਿਕ ਸਰੋਤਾਂ ਦੇ ਡੂੰਘੇ ਅਧਿਐਨ ਤੋਂ ਬਾਅਦ ਸਿੱਖ ਸਿੱਖ ਸੰਗਤ ਖੁਦ ਇਹ ਨਿਰਣਾ ਕਰੇ, ਕਿ ਇਹ ਸੱਚਾਈ ਹੁਣ ਤੱਕ ਕਿਉਂ ਸਾਡੇ ਤੋਂ ਲੁਕਾਈ ਗਈ? ਕਿਸ ਧਿਰ ਨੂੰ ਇਸ ਸੱਚ ਦੇ ਬਾਹਰ ਆਉਣ ਦਾ ਡਰ ਸੀ? ਜੋ ਸਾਰਾ ਕੁੱਝ ਜਾਣਦੇ ਹੋਏ ਵੀ ਚਮਕੌਰੇ ਦੇ ਫਿਟਕਾਰਯੋਗ, ਧ੍ਰਿਗਕਾਰ-ਜੋਗ ਕਰਮ ਨੂੰ ਮੰਨਣ ਤੋਂ ਮੁਨਕਰ ਹੁੰਦੇ ਰਹੇ, ਕੌਣ ਹਨ ਉਹ?
ਜਿਹੜੇ ਹੁਣ ਵੀ ਇਸ ਲਿਖਤ ਨੂੰ ਮੰਨਣ ਤੋਂ ਇਨਕਾਰੀ ਹੋਣਗੇ ਪਰ ਇਤਿਹਾਸਕ ਸੱਚਾਈ ਤੋਂ ਮੁਨਕਰ ਹੋ ਕੇ ਸੱਚ ਤੇ ਪਰਦਾ ਨਹੀ ਪਾਇਆ ਜਾ ਸਕਦਾ l

09/02/2026

Address

Tarn Taran

Telephone

+919872109186

Website

Alerts

Be the first to know and let us send you an email when Sardar navdeep singh posts news and promotions. Your email address will not be used for any other purpose, and you can unsubscribe at any time.

Shortcuts

Share